ਗੁਰੂ ਤੇਗ ਬਹਾਦਰ ਜੀ

Dear readers, here we are offering ਗੁਰੂ ਤੇਗ ਬਹਾਦਰ ਜੀ PDF to all of you. Guru Tegh Bahadur was the ninth Guru in the Sikh religion. He led the Sikh religion from 1665 to 1675. He was the youngest son of Guru Hargobind. Guru Hargobind was the sixth Guru of the Sikh religion.
ਗੁਰੂ ਤੇਗ ਬਹਾਦਰ ਦਸ ਗੁਰੂਆਂ ਵਿੱਚੋਂ ਨੌਵੇਂ ਗੁਰੂ ਸਨ ਜਿਨ੍ਹਾਂ ਨੇ 1665 ਤੋਂ ਲੈ ਕੇ 1675 ਵਿੱਚ ਸਿਰ ਕਲਮ ਕਰਨ ਤੱਕ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਸਿੱਖਾਂ ਦੇ ਆਗੂ ਸਨ। ਉਨ੍ਹਾਂ ਦਾ ਜਨਮ 1621 ਵਿੱਚ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਉਹ ਛੇਵੇਂ ਸਿੱਖ ਗੁਰੂ ਹਰਗੋਬਿੰਦ ਦੇ ਸਭ ਤੋਂ ਛੋਟੇ ਪੁੱਤਰ ਸਨ। ਗੁਰੂ.

ਗੁਰੂ ਤੇਗ ਬਹਾਦਰ ਜੀ PDF

ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਐਸੇ ਗੁਰੂ ਹੋਏ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ, ਚਾਰ ਸ਼ਹੀਦ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ) ਦੇ ਦਾਦਾ ਜੀ; ‘ਸੂਰਬੀਰ ਬਚਨ ਕੇ ਬਲੀ’ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਤੇ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ ਜੀ/੧੧੦੫) ਵਚਨਾਂ ਨੂੰ ਅਮਲੀ ਜੀਵਨ ਵਿੱਚ ਪਹਿਰਾ ਦੇਣ ਵਾਲੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਹੋਣ ਦਾ ਮਾਣ ਹਾਸਲ ਹੈ। ਆਪ ਜੀ ਦਾ ਜਨਮ 5 ਵੈਸਾਖ ਸੰਮਤ 1678, ਚੰਦ੍ਰਮਾ ਦੇ ਹਿਸਾਬ ਨਾਲ ਵੈਸਾਖ ਸੁਦੀ ੫ ਮੁਤਾਬਕ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ, ਜਿੱਥੇ ਅੱਜ ਕੱਲ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ, ਵਿਖੇ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ ਕੱਲ੍ਹ 5 ਵੈਸਾਖ 18 ਅਪ੍ਰੈਲ ਨੂੰ ਆਉਂਦਾ ਹੈ ਅਤੇ ਹਮੇਸ਼ਾਂ ਲਈ ਇਸੇ ਤਰੀਖ ਨੂੰ ਹੀ ਆਉਂਦਾ ਰਹੇਗਾ। ਆਪ ਜੀ ਛੇਵੇਂ ਨਾਨਕ ਸਰੂਪ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਬਚਪਨ ਵਿੱਚ ਇਨ੍ਹਾਂ ਦਾ ਨਾਮ ਤਿਆਗ ਮੱਲ ਸੀ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ‘ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟੱਲ ਰਾਏ ਜੀ, ਬਾਬਾ ਅਣੀ ਰਾਇ ਜੀ ਅਤੇ ਬੀਬੀ ਵੀਰੋ ਜੀ’ ਹਨ। ਦੁਨਿਆਵੀ ਵਿਦਿਆ ਤੇ ਸੰਗੀਤ ਵਿਦਿਆ ਹਾਸਲ ਕਰਨ ਤੋਂ ਇਲਾਵਾ ਉਨ੍ਹਾਂ ਭਾਈ ਗੁਰਦਾਸ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਅਤੇ ਹਿੰਦੂ ਮਿਥਿਹਾਸ ਪੜ੍ਹਿਆ ਅਤੇ ਤਲਵਾਰਬਾਜ਼ੀ, ਨੇਜ਼ਾਬਾਜ਼ੀ ਆਦਿਕ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਵਿੱਚ ਆਪ ਵੱਲੋਂ ਅੰਮ੍ਰਿਤਸਰ ਤੇ ਕਰਤਾਰਪੁਰ ਦੀ ਜੰਗ ਵਿੱਚ ਪੈਂਦੇ ਖਾਂ ਵਿਰੁੱਧ ਤੇਗ਼ ਦੇ ਜੌਹਰ ਵਿਖਾਉਣ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਲਈ ਤਿਆਗ ਮੱਲ ਨਹੀਂ ਬਲਕਿ ਤੇਗ਼ ਬਹਾਦਰ ਹੋਣ ਦਾ ਲਕਬ ਵਰਤਿਆ ਤੇ ਫਿਰ ਇਸੇ ਨਾਮ ਨਾਲ ਪ੍ਰਸਿੱਧ ਹੋਏ।
ਛੋਟੀ ਉਮਰ ਵਿੱਚ ਹੀ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਰਪੁਰ ਵਾਸੀ ਲਾਲ ਚੰਦ ਅਤੇ ਬਿਸ਼ਨ ਕੌਰ ਦੀ ਧਾਰਮਿਕ ਖ਼ਿਆਲਾਂ ਵਾਲੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ 15 ਅੱਸੂ ਸੰਮਤ 1689 ਮੁਤਾਬਕ 14 ਸਤੰਬਰ 1632 ਈ: ਨੂੰ ਹੋਇਆ।
ਗੁਰੂ ਹਰਿਰਾਇ ਜੀ ਨੇ 1644 ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਨਾਨਕ-ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ ਅਤੇ 7 ਜੁਲਾਈ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ (ਗੁਰੂ) ਹਰਿਕ੍ਰਿਸਨ ਜੀ ਨੂੰ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਿਰਾਜਮਾਨ ਕਰ ਆਪ ਜੋਤੀ ਜੋਤ ਸਮਾ ਗਏ। ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਵਸੈ ਗ੍ਰਾਮ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿਖੇ ਹੈ। ਗੁਰਗੱਦੀ ਦੇ ਵਾਰਸ ਬਣਨ ਦੀ ਦੌੜ ਵਿੱਚ 22 ਭੇਖੀ ਨਕਲੀ ਮੰਜੀਆਂ ਲਾ ਕੇ ਆਪਣੇ ਆਪ ਨੂੰ ਗੁਰੂ ਅਖਵਾਉਣ ਲਈ ਬੈਠ ਗਏ। ਬਾਬਾ ਧੀਰ ਮੱਲ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ, ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ, ਗੁਰੂ ਹਰਿਰਾਇ ਜੀ ਦਾ ਵੱਡਾ ਭਰਾ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਤਾਇਆ ਹੋਣ ਦੇ ਹਵਾਲੇ ਨਾਲ ਆਪਣੇ ਆਪ ਨੂੰ ਅਸਲੀ ਵਾਰਸ ਹੋਣ ਦਾ ਪ੍ਰਮੁਖ ਦਾਅਵੇਦਾਰ ਮੰਨਦਾ ਸੀ। ਭਾਈ ਮੱਖਣ ਸ਼ਾਹ ਲੁਬਾਣਾ ਵੱਲੋਂ ਆਪਣੇ ਸੱਚੇ ਪ੍ਰੀਤਮ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਲੱਭ ਕੇ ‘ਗੁਰੂ ਲਾਧੋ ਰੇ’ ਦਾ ਨਾਅਰਾ ਮਾਰਨ ਵਾਲੀ ਸਾਖੀ ਤੋਂ ਸਾਰਾ ਸਿੱਖ ਜਗਤ ਵਾਕਫ਼ ਹੈ ਪਰ ਇਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਸ਼ਰਧਾਲੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਪ੍ਰਤੱਖ ਗੁਰੂ ਸਨਮੁਖ ਹੁੰਦਾ ਹੋਇਆ ਵੀ ਦੁੱਚਿਤੀ ਵਿੱਚ ਭਟਕਦਾ ਫਿਰਦਾ ਹੈ। ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦਾ ਦਿਹਾੜਾ 3 ਵੈਸਾਖ ਸੰਮਤ 1721 ਮੁਤਾਬਕ 30 ਮਾਰਚ 1664 ਈਸਵੀ ਹੈ, ਜੋ ਕਿ ਨਾਨਕਸਾਹੀ ਕੈਲੰਡਰ ਮੁਤਾਬਕ ਅੱਜ ਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ।
1665 ਵਿੱਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ; ਅਪ੍ਰੈਲ 1665 ਦੇ ਅਖੀਰ ਵਿੱਚ, ਧਮਧਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਧਾਨ ਵਿੱਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿੱਚ ਬੜਾ ਚੰਗਾ ਰਸੂਖ਼ ਸੀ। ਉਸ ਨੇ ਇਸ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਨਾਲ਼ ਜੋੜਿਆ ਸੀ। ਸੰਨ 1665 ਤੱਕ ਧਮਧਾਨ ਉਨ੍ਹਾਂ ਇਲਾਕਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਓਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆ ਹਾਜ਼ਰ ਹੋਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁੱਝ ਦਿਨ ਧਮਧਾਨ ਰਹਿਣ ਮਗਰੋਂ ਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।  ਅਕਤੂਬਰ 1665 ਈਸਵੀ ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਨੰਦਪੁਰ ਸਾਹਿਬ (ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਸੀ) ਵਸਾਇਆ।  ਔਰੰਗਜ਼ੇਬ ਨੇ ਹਿੰਦੂਆਂ ਉੱਪਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੁਰੂ ਤੇਗ਼ ਬਹਾਦੁਰ ਜੀ; ਹਿੰਦੂ ਜਨਤਾ ਨੂੰ ਦਿਲਾਸਾ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਚੱਲ ਪਏ। ਅਨੰਦਪੁਰ ਤੋਂ ਘਨੌਲੀ, ਰੋਪੜ, ਮੂਲੇਵਾਲ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੋਂ ਧਮਧਾਨ, ਕੁਰਕਸ਼ੇਤਰ, ਮਥੁਰਾ, ਆਗਰਾ, ਕਾਨਪੁਰ, ਅਲਾਹਾਬਾਦ, ਪ੍ਰਯਾਗ, ਕਾਂਸ਼ੀ ਆਦਿ ਹਿੰਦੂ ਤੀਰਥਾਂ ’ਤੇ ਗਏ। ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਈ ਤੇ ਦੱਸਿਆ ਕਿ ਸੱਚਾ ਤੀਰਥ ਸਤਿ ਸੰਗਤ ਹੀ ਹੈ। ਫਿਰ ਗਯਾ ਤੋਂ ਪਟਨਾ ਵਿਖੇ ਗਏ। ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ (ਜੋ ਮਾਂ ਬਣਨ ਵਾਲ਼ੇ ਸਨ) ਨੂੰ ਛੱਡ ਕੇ ਆਪ ਪਟਨੇ ਤੋਂ ਰਾਜ ਮਹਲ, ਮਾਲਦਾ, ਮੁਰਸ਼ਿਦਾਬਾਦ ਹੁੰਦੇ ਹੋਏ ਢਾਕੇ ਪਹੁੰਚੇ। ਇਸੇ ਦੌਰਾਨ 9ਵੇਂ ਨਾਨਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਸਿੱਖਾਂ ਦੇ ਦਸਵੇਂ ਗੁਰੂ; (ਗੁਰੂ) ਗੋਬਿੰਦ ਰਾਇ ਜੀ (1699 ਤੋਂ ਬਾਅਦ ਨਾਮ ਗੁਰੂ ਗੋਬਿੰਦ ਸਿੰਘ ਜੀ) ਦਾ ਜਨਮ ਪੋਹ ਸੁਦੀ ੭, 23 ਪੋਹ ਬਿਕ੍ਰਮੀ ਸੰਮਤ 1723 (ਨਾਨਕਸ਼ਾਹੀ ਸੰਮਤ 198); 22 ਦਸੰਬਰ 1666 ਈ: ਨੂੰ ਪਟਨੇ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਬਿਹਾਰ ਵਿਖੇ (ਵਿਆਹ ਤੋਂ 34 ਸਾਲ ਬਾਅਦ) ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।
ਗੁਰੂ ਤੇਗ਼ ਬਹਾਦਰ ਸਾਹਿਬ; ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਨਕੀ ਵਿੱਚ ਰਹੇ। ਓਨੀਂ ਦਿਨੀਂ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ਼ ਹਰੇਕ ਭਾਰਤੀ ਨੂੰ ਮੁਸਲਮਾਨ ਬਣਾ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚਾ ਕੀਤਾ।  25 ਮਈ 1675 ਈਸਵੀ ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜੱਥਾ ਇੱਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਦੀ ਮਦਦ ਨਾਲ਼ ਚੱਕ ਨਾਨਕੀ ਵਿਖੇ ਆਇਆ ਅਤੇ ਗੁਰੂ ਸਾਹਿਬ ਦੇ ਦਰਬਾਰ ’ਚ ਉਨ੍ਹਾਂ ਫ਼ਰਿਆਦ ਕੀਤੀ ਕਿ ਅਸੀਂ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ। ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥੁਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ, ਪਰ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹੀ ਬਚੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਉਨ੍ਹਾਂ ਨੂੰ ਕਿਹਾ ਕਿ ‘ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਓ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’
ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿੱਚ ਜਾਨ ਆ ਗਈ। ਆਪ ਜੀ ਦੇ ਵਚਨ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂ ਪੁਰਖ ਦੇ ਬਲੀਦਾਨ ਦੀ ਲੋੜ ਹੈ, ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂ ਪੁਰਖ ਕੌਣ ਹੋ ਸਕਦਾ ਹੈ ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਅਲੋਪ ਹੁੰਦੇ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਮੂੰਹੋਂ ਐਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਮ੍ਹਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ।  ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਮੁਸਲਮਾਨ ਬਣ ਜਾਵਾਂਗੇ।
ਜਦੋਂ ਗੁਰੂ ਜੀ ਦਾ ਸੁਨੇਹਾ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਨੂੰ ਦਿੱਤਾ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਦੂਸਰੇ ਪਾਸੇ ਗੁਰੂ ਜੀ ਨੇ ਕੁਝ ਚੋਣਵੇਂ ਸਿੱਖ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿਕ) ਸਮੇਤ ਆਪ ਹੀ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਲਈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਦੇ ਦਿੱਲੀ ਵੱਲ ਜਾਣ ਤੋਂ ਪਹਿਲਾਂ ਬਾਲਕ ਗੋਬਿੰਦ ਰਾਇ ਜੀ ਨੂੰ 8 ਜੁਲਾਈ 1675 ਨੂੰ ਗੁਰਿਆਈ ਸੌਂਪ ਦਿੱਤੀ ਸੀ। ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਮੁਤਾਬਕ ਗੁਰੂ ਜੀ ਨੂੰ ਦਿੱਲੀ ਵੱਲ ਜਾਂਦਿਆਂ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਤਿੰਨ ਮਹੀਨੇ ਬੱਸੀ ਪਠਾਣਾ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਹਸਨ ਅਬਦਾਲ (ਪਾਕਿਸਤਾਨ) ਵਿੱਚ ਸੀ। ਇੱਥੇ ਕਿਲ੍ਹੇ ਵਿੱਚ ਹੀ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸੈਫ਼-ਉਦ-ਦੀਨ ਨੇ ਗੁਰੂ ਜੀ ਨਾਲ਼ ਕਈ ਵਾਰ ਧਾਰਮਿਕ ਚਰਚਾਵਾਂ ਕੀਤੀਆਂ ਅਤੇ ਇਸਲਾਮ ’ਚ ਲਿਆਉਣ ਲਈ ਦਬਾਅ ਬਣਾਇਆ ਗਿਆ, ਪਰ ਗੁਰੂ ਜੀ ਨੇ ਉਨ੍ਹਾਂ ਦੀ ਉਮੀਦ ਦੇ ਉਲ਼ਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਅਨੁਸਾਰ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਂ ’ਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ, ਪਰ ਇਸ ਦੇ ਉਲ਼ਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਤੁਹਾਡੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਜ਼ਲੂਮਾਂ (ਹਿੰਦੂਆਂ) ਦੀ ਰੱਖਿਆ ਲਈ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਤੁਸੀਂ ਬਾਦਸ਼ਾਹ ਹੋਣ ਦੇ ਨਾਂ ’ਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠੇ ਹੋ ਪਰ ਅਸੀਂ ਇਨ੍ਹਾਂ ਦੀ ਬਾਂਹ ਪਕੜਨ ਲਈ ਆਏ ਹਾਂ। ਕਵੀ ਕੇਸ਼ਵ ਭੱਟ; ਗੁਰੂ ਜੀ ਦੀ ਕਥਨੀ ਅਤੇ ਕਰਨੀ ਬਾਰੇ ਲਿਖਦਾ ਹੈ ‘ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ ਧਰਮ ਨ ਛੋੜੀਏ।’
You can download ਗੁਰੂ ਤੇਗ ਬਹਾਦਰ ਜੀ PDF by clicking on the following download button.

Leave a Comment